ਮੁੜ ਰਫ਼ਤਾਰ ਫੜੇਗਾ ਮਾਨਸੂਨ, ਪੰਜਾਬ ਸਮੇਤ 12 ਸੂਬਿਆਂ ਲਈ ਅਲਰਟ; ਸਾਉਣ ਦੇ ਪਹਿਲੇ ਸੋਮਵਾਰ ਮੌਸਮ ਰਹੇਗਾ ਸੁਹਾਵਣਾ
ਅਗਲੇ ਤਿੰਨ ਦਿਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ, ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ
ਚੰਡੀਗੜ੍ਹ: ਦੇਸ਼ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ ਸਮੇਤ 12 ਰਾਜਾਂ ਲਈ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ, ਸਾਉਣ ਦੇ ਪਹਿਲੇ ਸੋਮਵਾਰ ਮੌਸਮ ਸੁਹਾਵਣਾ ਰਹਿਣ ਦੀ ਸੰਭਾਵਨਾ ਹੈ ਅਤੇ ਕਈ ਇਲਾਕਿਆਂ ਵਿੱਚ ਗਰਜ-ਚਮਕ ਨਾਲ ਬਾਰਿਸ਼ ਹੋ ਸਕਦੀ ਹੈ।

ਪੰਜਾਬ ਵਿੱਚ 2 ਅਗਸਤ ਤੋਂ 4 ਅਗਸਤ ਤੱਕ ਮਾਨਸੂਨ ਦੀ ਸਰਗਰਮੀ ਬਣੀ ਰਹਿਣ ਦੀ ਉਮੀਦ ਹੈ। ਚੰਡੀਗੜ੍ਹ ਸਥਿਤ ਮੌਸਮ ਕੇਂਦਰ ਦੀ ਭਵਿੱਖਬਾਣੀ ਅਨੁਸਾਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ ਗਰਜ-ਚਮਕ ਦੀ ਸੰਭਾਵਨਾ ਹੈ। ਹਾਲਾਂਕਿ ਇਸ ਸਮੇਂ ਕਿਸੇ ਵੀ ਜ਼ਿਲ੍ਹੇ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ, ਪਰ ਕਈ ਜ਼ਿਲ੍ਹਿਆਂ ਨੂੰ ਯੈਲੋ ਅਲਰਟ ਹੇਠ ਰੱਖਿਆ ਗਿਆ ਹੈ।ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਉੱਤਰੀ ਅਤੇ ਪੂਰਬੀ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਹੋਰ ਇਲਾਕਿਆਂ ਦੇ ਮੁਕਾਬਲੇ ਵੱਧ ਰਹੇਗੀ। ਜਦਕਿ ਕੇਂਦਰੀ ਅਤੇ ਦੱਖਣੀ ਪੰਜਾਬ ਵਿੱਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਅਤੇ ਬੱਦਲਵਾਈ ਰਹਿ ਸਕਦੀ ਹੈ।
ਇਨ੍ਹਾਂ 12 ਸੂਬਿਆਂ ਵਿੱਚ ਵੀ ਮੀਂਹ ਦਾ ਅਲਰਟ
ਭਾਰਤੀ ਮੌਸਮ ਵਿਭਾਗ ਨੇ ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ-ਐਨਸੀਆਰ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਗੁਜਰਾਤ, ਮੱਧ ਪ੍ਰਦੇਸ਼, ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਇਲਾਵਾ ਗੁਜਰਾਤ ਅਤੇ ਅਸਾਮ ਦੇ ਕੁਝ ਹਿੱਸਿਆਂ ਲਈ ਲਾਲ ਅਤੇ ਸੰਤਰੀ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਕਿਉਂ ਸਰਗਰਮ ਹੋਇਆ ਮਾਨਸੂਨ?
ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਵਾਲੇ ਖੇਤਰ ਕਾਰਨ ਮਾਨਸੂਨ ਨੂੰ ਨਵੀਂ ਤਾਕਤ ਮਿਲੀ ਹੈ। ਇਸ ਦਾ ਪ੍ਰਭਾਵ ਉੱਤਰ-ਪੂਰਬੀ ਭਾਰਤ ਤੋਂ ਲੈ ਕੇ ਉੱਤਰੀ ਅਤੇ ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਕਈ ਇਲਾਕਿਆਂ ਵਿੱਚ ਚੰਗੀ ਬਾਰਿਸ਼ ਦਰਜ ਕੀਤੀ ਜਾ ਰਹੀ ਹੈ।

ਦਿੱਲੀ-ਐਨਸੀਆਰ ਨੂੰ ਮਿਲੀ ਗਰਮੀ ਤੋਂ ਰਾਹਤ
ਦਿੱਲੀ-ਐਨਸੀਆਰ ਵਿੱਚ ਵੀ ਬੀਤੀ ਰਾਤ ਹੋਈ ਬਾਰਿਸ਼ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ ਹੈ। ਨਮੀ ਅਤੇ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਦਿਨ ਭਰ ਬੱਦਲ ਛਾਏ ਰਹਿਣਗੇ ਅਤੇ ਕਈ ਥਾਵਾਂ ‘ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਅਗਸਤ ਦੇ ਪਹਿਲੇ ਹਫ਼ਤੇ ਦੌਰਾਨ ਵੀ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ।ਮੌਸਮ ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਬਾਰਿਸ਼ ਦੌਰਾਨ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲਣ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ‘ਤੇ ਨਜ਼ਰ ਬਣਾਈ ਰੱਖਣ।