Punjab Power Crisis: ਪੰਜਾਬ ’ਚ ਬਿਜਲੀ ਸੰਕਟ ਗੰਭੀਰ! ਇੱਕ-ਦੋ ਦਿਨਾਂ ’ਚ ਹੱਲ ਕਰਨ ਦਾ ਬਿਜਲੀ ਮੰਤਰੀ ਦਾ ਦਾਅਵਾ: ਬਿਜਲੀ ਮੰਤਰੀ
Punjab Power Crisis: ਪੰਜਾਬ ’ਚ ਬਿਜਲੀ ਸੰਕਟ ਗੰਭੀਰ! ਇੱਕ-ਦੋ ਦਿਨਾਂ ’ਚ ਹੱਲ ਕਰਨ ਦਾ ਬਿਜਲੀ ਮੰਤਰੀ ਦਾ ਦਾਅਵਾ
ਪੰਜਾਬ ਵਿੱਚ ਇਨ੍ਹੀਂ ਦਿਨੀਂ ਬਿਜਲੀ ਦੀ ਮੰਗ ਵਧਣ ਦੇ ਨਾਲ ਪਾਵਰ ਸੰਕਟ ਵੀ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ। ਕਈ ਇਲਾਕਿਆਂ ਵਿੱਚ ਲੰਬੇ ਪਾਵਰ ਕੱਟਾਂ ਕਾਰਨ ਆਮ ਲੋਕਾਂ ਦੇ ਨਾਲ-ਨਾਲ ਉਦਯੋਗਿਕ ਖੇਤਰ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਰਮਿਆਨ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਚੱਲ ਰਿਹਾ ਬਿਜਲੀ ਸੰਕਟ ਅਗਲੇ ਇੱਕ-ਦੋ ਦਿਨਾਂ ਵਿੱਚ ਹੱਲ ਕਰ ਲਿਆ ਜਾਵੇਗਾ।
ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪੰਜਾਬ ਨੂੰ ਕੇਂਦਰੀ ਪਾਵਰ ਪੂਲ ਵਿੱਚੋਂ ਉਸ ਦੇ ਬਣਦੇ ਹਿੱਸੇ ਮੁਤਾਬਕ ਪੂਰੀ ਬਿਜਲੀ ਨਹੀਂ ਮਿਲ ਰਹੀ, ਜਿਸ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਕਾਰ ਪਾੜਾ ਪੈਦਾ ਹੋ ਰਿਹਾ ਹੈ। ਉਨ੍ਹਾਂ ਮੁਤਾਬਕ ਇਸ ਸਮੇਂ ਪੰਜਾਬ ਨੂੰ ਕੇਂਦਰੀ ਪਾਵਰ ਪੂਲ ਤੋਂ ਉਸ ਦੇ ਬਣਦੇ ਹਿੱਸੇ ਨਾਲੋਂ ਲਗਭਗ 1,051 ਮੈਗਾਵਾਟ ਘੱਟ ਬਿਜਲੀ ਮਿਲ ਰਹੀ ਹੈ।

ਉੱਥੇ ਹੀ ਬਿਜਲੀ ਸੰਕਟ ਦੇ ਪਿੱਛੇ ਕੋਲੇ ਦੀ ਕਮੀ ਹੋਣ ਦੇ ਦਾਅਵਿਆਂ ਨੂੰ ਮੰਤਰੀ ਨੇ ਸਿਰੇ ਤੋਂ ਖਾਰਜ ਕੀਤਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੀ ਮਲਕੀਅਤ ਵਾਲੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ। ਪੰਜਾਬ ਨੇ ਆਪਣੀ ਪਛਵਾੜਾ ਕੋਲਾ ਖਾਨ ਨੂੰ ਚਾਲੂ ਕੀਤਾ ਹੋਇਆ ਹੈ ਅਤੇ ਇਸ ਰਾਹੀਂ ਸਰਕਾਰੀ ਥਰਮਲ ਪਲਾਂਟਾਂ ਲਈ ਲੋੜੀਂਦੇ ਕੋਲੇ ਦੀ ਸਪਲਾਈ ਲਗਾਤਾਰ ਕੀਤੀ ਜਾ ਰਹੀ ਹੈ।ਮੰਤਰੀ ਨੇ ਕਿਹਾ ਕਿ ਅਸਲ ਸਮੱਸਿਆ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਜੁੜੀ ਹੋਈ ਹੈ। ਤਲਵੰਡੀ ਸਾਬੋ ਅਤੇ ਰਾਜਪੁਰਾ ਸਥਿਤ ਪ੍ਰਾਈਵੇਟ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲਾਂਟਾਂ ਨੂੰ ਲੋੜੀਂਦੇ ਕੋਲੇ ਦੀ ਸਪਲਾਈ ਯਕੀਨੀ ਬਣਾਉਣਾ ਕੋਲ ਇੰਡੀਆ ਦੀ ਜ਼ਿੰਮੇਵਾਰੀ ਹੈ ਅਤੇ ਇਸ ਮਾਮਲੇ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਵੀ ਰੱਖਿਆ ਗਿਆ ਹੈ।PSPCL ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ ਅਤੇ ਡਾਇਰੈਕਟਰ ਜਨਰੇਸ਼ਨ ਇੰਜਨੀਅਰ ਪੀ.ਐੱਸ. ਬਰਾੜ ਦੀ ਮੌਜੂਦਗੀ ਵਿੱਚ ਮੰਤਰੀ ਨੇ ਬਿਜਲੀ ਉਤਪਾਦਨ ਅਤੇ ਸਪਲਾਈ ਦੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰੀ ਥਰਮਲ ਪਲਾਂਟਾਂ ਵਿੱਚ ਆਈਆਂ ਤਕਨੀਕੀ ਖਰਾਬੀਆਂ ਨੂੰ ਦੂਰ ਕਰ ਲਿਆ ਗਿਆ ਹੈ ਅਤੇ ਬਿਜਲੀ ਉਤਪਾਦਨ ਨੂੰ ਸੁਚਾਰੂ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਬਾਕੀ ਯੂਨਿਟਾਂ ਨੂੰ ਵੀ ਜਲਦ ਤੋਂ ਜਲਦ ਚਾਲੂ ਕਰਨ ਲਈ ਯਤਨ ਜਾਰੀ ਹਨ।ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇੱਥੇ ਬਿਜਲੀ ਦੀ ਨਿਰਵਿਘਨ ਸਪਲਾਈ ਸਿਰਫ਼ ਘਰੇਲੂ ਖਪਤਕਾਰਾਂ ਲਈ ਹੀ ਨਹੀਂ, ਸਗੋਂ ਕਿਸਾਨਾਂ ਅਤੇ ਸੂਬੇ ਦੀ ਪੂਰੀ ਆਰਥਿਕਤਾ ਲਈ ਵੀ ਬੇਹੱਦ ਜ਼ਰੂਰੀ ਹੈ। ਖਾਸ ਕਰਕੇ ਖੇਤੀਬਾੜੀ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਵਧ ਜਾਂਦੀ ਹੈ, ਜਿਸ ਕਰਕੇ ਸਰਕਾਰ ਲਈ ਨਿਰੰਤਰ ਸਪਲਾਈ ਯਕੀਨੀ ਬਣਾਉਣਾ ਵੱਡੀ ਚੁਣੌਤੀ ਬਣ ਜਾਂਦਾ ਹੈ।ਇਸ ਮਾਮਲੇ ਨੂੰ ਲੈ ਕੇ ਬਿਜਲੀ ਮੰਤਰੀ ਵੱਲੋਂ ਕੇਂਦਰੀ ਬਿਜਲੀ ਮੰਤਰੀ ਨੂੰ ਲਿਖਤੀ ਤੌਰ ’ਤੇ ਵੀ ਅਪੀਲ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਨੂੰ ਕੇਂਦਰੀ ਪਾਵਰ ਪੂਲ ਵਿੱਚੋਂ ਉਸ ਦਾ ਬਣਦਾ ਪੂਰਾ ਹਿੱਸਾ ਤੁਰੰਤ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਸੂਬੇ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ ਅਤੇ ਲੋਕਾਂ ਤੇ ਉਦਯੋਗ ਨੂੰ ਪੈ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।ਹੁਣ ਸਭ ਦੀਆਂ ਨਜ਼ਰਾਂ ਸਰਕਾਰ ਦੇ ਇਸ ਦਾਅਵੇ ’ਤੇ ਟਿਕੀਆਂ ਹਨ ਕਿ ਆਖ਼ਰ ਇੱਕ-ਦੋ ਦਿਨਾਂ ਵਿੱਚ ਬਿਜਲੀ ਸੰਕਟ ਕਿੰਨਾ ਹੱਲ ਹੁੰਦਾ ਹੈ ਅਤੇ ਕੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਘਰੇਲੂ, ਉਦਯੋਗਿਕ ਅਤੇ ਖੇਤੀਬਾੜੀ ਖੇਤਰ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇਗੀ।
Edited by: KULDEEP SINGH SIDHU





