ਬੰਦੀ ਸਿੰਘਾਂ ਦੀ ਰਿਹਾਈ ਲਈ 2 ਅਕਤੂਬਰ ਨੂੰ ਵੱਡਾ ਮਾਰਚ, ਹਵਾਰਾ ਦੇ ਧਰਮੀ ਪਿਤਾ ਦਾ ਵੱਡਾ ਐਲਾਨ
ਬੰਦੀ ਸਿੰਘਾਂ ਦੀ ਰਿਹਾਈ ਲਈ 2 ਅਕਤੂਬਰ ਨੂੰ ਵੱਡਾ ਮਾਰਚ, ਹਵਾਰਾ ਦੇ ਧਰਮੀ ਪਿਤਾ ਦਾ ਵੱਡਾ ਐਲਾਨ
ਪ੍ਰੈੱਸ ਕਾਨਫਰੰਸ ਕਰਕੇ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ ਨੇ ਸੰਗਤ ਨੂੰ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
“ਕਿਸਾਨ ਜਥੇਬੰਦੀਆਂ ਵੱਲੋਂ ਵੀ ਸਮਰਥਨ ਦੇਣ ਦੀ ਕਹੀ ਗੱਲ”
ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ “ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ਵੱਖ-ਵੱਖ ਧਾਰਮਿਕ ਅਤੇ ਕਿਸਾਨ ਜਥੇਬੰਦੀਆਂ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਮੇਤ ਵੱਖ-ਵੱਖ ਸੰਸਥਾਵਾਂ ਵੱਲੋਂ ਮਾਰਚ ਵਿੱਚ ਸਹਿਯੋਗ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਵੱਲੋਂ ਵੀ ਸਮਰਥਨ ਦੇਣ ਦੀ ਗੱਲ ਕਹੀ ਗਈ ਹੈ।”
“ਸਿਰਫ਼ ਸਿੱਖ ਭਾਈਚਾਰੇ ਤੱਕ ਸੀਮਿਤ ਨਹੀਂ ਹੈ”
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ਼ ਸਿੱਖ ਭਾਈਚਾਰੇ ਤੱਕ ਸੀਮਿਤ ਨਹੀਂ ਹੈ। ਮਨੁੱਖੀ ਅਧਿਕਾਰਾਂ ਦੇ ਮੁੱਦੇ ਨਾਲ ਜੁੜੇ ਲੋਕ ਵੀ ਇਸ ਮੁਹਿੰਮ ਦਾ ਸਮਰਥਨ ਕਰ ਸਕਦੇ ਹਨ। ਸਰਕਾਰਾਂ ਨਾਲ ਹੋਣ ਵਾਲੀਆਂ ਮੀਟਿੰਗਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਲਗਾਤਾਰ ਉਠਾਇਆ ਜਾਂਦਾ ਰਿਹਾ ਹੈ। ਉਨ੍ਹਾਂ ਖਾਸ ਤੌਰ ’ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਨ ਦੀ ਮੰਗ ਦੁਹਰਾਈ। ਇਸ ਸਬੰਧੀ SGPC ਵੱਲੋਂ ਰਾਸ਼ਟਰਪਤੀ ਦੇ ਸਾਹਮਣੇ ਰਹਿਮ ਦੀ ਅਪੀਲ ਦਾਇਰ ਕੀਤੀ ਗਈ ਸੀ, ਜੋ ਲੰਬੇ ਸਮੇਂ ਤੋਂ ਲੰਬਿਤ ਹੈ।“ਭਾਵੇ ਕੇਂਦਰ ਦੀ ਸਰਕਾਰ ਹੈ ਭਾਵੇ ਸੂਬਾ ਸਰਕਾਰ ਹੈ, ਇਹ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰਨੀਆਂ ਚਾਹੁੰਦੀਆਂ। ਸਾਰੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਡਬਲ ਕਰ ਚੁੱਕੇ ਹਨ। ਪਰ ਇਹ ਸਰਕਾਰਾਂ ਉਨ੍ਹਾਂ ਨੂੰ ਪੈਰੋਲ ਦੇਣ ਨੂੰ ਵੀ ਤਿਆਰ ਨਹੀਂ ਹਨ ਜੋ ਉਨ੍ਹਾਂ ਦਾ ਕਾਨੂੰਨੀ ਹੱਕ ਹੈ। ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ 11 ਮਹੀਨਿਆਂ ਤੋਂ ਬੈੱਡ ‘ਤੇ ਪਏ ਨੇ, ਪਰ ਸਰਕਾਰ ਉਨ੍ਹਾਂ ਨੂੰ ਆਪਣੀ ਮਾਂ ਨੂੰ ਮਿਲਣ ਲਈ 5 ਦਿਨ ਦੀ ਪੈਰੋਲ ਤੱਕ ਦੇਣ ਨੂੰ ਤਿਆਰ ਨਹੀਂ ਹੈ। ਉਸ ‘ਤੇ ਵੀ ਸਰਕਾਰ ਡਰਾਮੇ ਕਰ ਰਹੀ ਹੈ ਕਿ ਭਗਵੰਤ ਮਾਨ ਨੇ ਚਿੱਠੀ ਲਿਖੀ ਹੈ, ਕੇਂਦਰ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਇਸ ਦੀ ਇਜ਼ਾਜਤ ਨਹੀਂ ਦੇ ਰਹੀ। ਇਸ ਕਰਕੇ ਬੰਦੀ ਸਿੰਘਾਂ ਪ੍ਰਤੀ ਦੋਵੇਂ ਸਰਕਾਰਾਂ ਦਾ ਰੱਵਈਆਂ ਬਰਾਬਰ ਹੀ ਹੈ।”– ਗੁਰਚਰਨ ਸਿੰਘ, ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ
ਪੰਜਾਬ ਅਤੇ ਕੇਂਦਰ ਸਰਕਾਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਪੱਸ਼ਟ ਕਾਰਵਾਈ ਕਰਨ ਦੀ ਮੰਗ
ਇਸ ਦੌਰਾਨ ਉਨ੍ਹਾਂ ਨੇ ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ ਸਮੇਤ ਹੋਰ ਬੰਦੀ ਸਿੰਘਾਂ ਦੀ ਪੈਰੋਲ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਮਾਮਲਿਆਂ ਵਿੱਚ ਪੈਰੋਲ ਦੀ ਪ੍ਰਕਿਰਿਆ ਲੰਬੇ ਸਮੇਂ ਤੋਂ ਲੰਬਿਤ ਹੈ ਅਤੇ ਸਰਕਾਰ ਵੱਲੋਂ ਇਸ ਵਿੱਚ ਦੇਰੀ ਕੀਤੀ ਜਾ ਰਹੀ ਹੈ। 5 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਦੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਇਸ ਮੁੱਦੇ ’ਤੇ ਗੱਲਬਾਤ ਹੋਈ ਸੀ। ਪੈਰੋਲ ਨੂੰ ਲੈ ਕੇ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਅਤੇ ਅਸਲ ਕਾਰਵਾਈ ਵਿੱਚ ਅੰਤਰ ਦਿਖਾਈ ਦਿੰਦਾ ਹੈ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਨਾਲ ਸਬੰਧਤ ਮਾਮਲਿਆਂ ਵਿੱਚ ਸਪੱਸ਼ਟ ਕਾਰਵਾਈ ਕਰਨ ਦੀ ਮੰਗ ਕੀਤੀ।
“2 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅਰਦਾਸ ਉਪਰੰਤ ਰਵਾਨਾ ਹੋਵੇਗਾ ਮਾਰਚ”
ਇਸ ਮੌਕੇ SGPC ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਪਟਿਆਲਾ ਵਿੱਚ ਪ੍ਰੈੱਸ ਕਾਨਫਰੰਸ ਦਾ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਜਾ ਰਹੀ ਮੁਹਿੰਮ ਦੀ ਜਾਣਕਾਰੀ ਸੰਗਤ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ “2 ਅਕਤੂਬਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅਰਦਾਸ ਉਪਰੰਤ ਮਾਰਚ ਰਵਾਨਾ ਹੋਵੇਗਾ ਅਤੇ ਇਸ ਦਾ ਅੰਤਿਮ ਪੜਾਅ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਵੇਗਾ। ਉਪਲਬਧ ਪ੍ਰੋਗਰਾਮ ਮੁਤਾਬਕ ਮਾਰਚ 2 ਅਕਤੂਬਰ ਨੂੰ ਸ਼ੁਰੂ ਹੋ ਕੇ ਰਾਤ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ, ਸੰਗਰੂਰ ਵਿਖੇ ਰੁਕੇਗਾ ਅਤੇ 3 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਪਤ ਹੋਵੇਗਾ।”
ਗੜ੍ਹੀ ਨੇ ਕਿਹਾ ਕਿ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਸੰਗਤ ਨੂੰ 2 ਅਕਤੂਬਰ ਨੂੰ ਮਾਰਚ ਵਿੱਚ ਸ਼ਾਮਲ ਹੋ ਕੇ ਆਪਣੀ ਸ਼ਮੂਲੀਅਤ ਦਰਜ ਕਰਵਾਉਣ ਦੀ ਅਪੀਲ ਕੀਤੀ।ਕੌਮੀ ਇਨਸਾਫ਼ ਮੋਰਚੇ ਵੱਲੋਂ 2 ਅਤੇ 3 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਮਾਰਚ ਦਾ ਪ੍ਰੋਗਰਾਮ ਐਲਾਨਿਆ ਗਿਆ ਹੈ। ਵੱਖ-ਵੱਖ ਕਿਸਾਨ ਅਤੇ ਪੰਥਕ ਜਥੇਬੰਦੀਆਂ ਵੱਲੋਂ ਵੀ ਇਸ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਗਈ ਹੈ।





