ਸਖ਼ਤ ਸੁਰੱਖਿਆ ਹੇਠ PGI ਪਹੁੰਚੇ ਬਲਵੰਤ ਸਿੰਘ ਰਾਜੋਆਣਾ! ਅੱਖਾਂ ਦੇ ਇਲਾਜ ਦੌਰਾਨ ਬੋਲੇ- ‘ਜਾਣੋ ਕੀ ਕਿਹਾ
ਚੰਡੀਗੜ੍ਹ: ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਇਲਾਜ ਲਈ ਚੰਡੀਗੜ੍ਹ ਸਥਿਤ ਪੀਜੀਆਈ ਪਹੁੰਚੇ। ਹਸਪਤਾਲ ਪਹੁੰਚਣ ਦੌਰਾਨ ਉਨ੍ਹਾਂ ਨੇ ਆਪਣੀ ਲੰਬੇ ਸਮੇਂ ਤੋਂ ਪੈਂਡਿੰਗ ਅਪੀਲ, ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਅਤੇ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਆਪਣੀ ਗੱਲ ਰੱਖੀ। ਰਾਜੋਆਣਾ ਨੇ ਕਿਹਾ ਕਿ ਉਨ੍ਹਾਂ ਦੀ ਅਪੀਲ ਪਿਛਲੇ 15 ਸਾਲਾਂ ਤੋਂ ਪੈਂਡਿੰਗ ਹੈ ਅਤੇ ਇਸ ’ਤੇ ਹੁਣ ਜਲਦ ਫੈਸਲਾ ਲਿਆ ਜਾਣਾ ਚਾਹੀਦਾ ਹੈ।

‘ਮਾਮਲਾ ਪੈਂਡਿੰਗ ਚੱਲ ਰਿਹਾ’
ਰਾਜੋਆਣਾ ਨੇ ਕਿਹਾ ਕਿ ਉਨ੍ਹਾਂ ਦੀ ਅਪੀਲ ਨਾਲ ਸਬੰਧਤ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਕਰੀਬ 40 ਤਰੀਕਾਂ ਪੈ ਚੁੱਕੀਆਂ ਹਨ। ਉਨ੍ਹਾਂ ਮੁਤਾਬਕ ਇੰਨੇ ਲੰਬੇ ਸਮੇਂ ਤੋਂ ਮਾਮਲਾ ਪੈਂਡਿੰਗ ਚੱਲ ਰਿਹਾ ਹੈ, ਇਸ ਲਈ ਹੁਣ ਇਸ ’ਤੇ ਫੈਸਲਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਮਲਾ ਲੰਬਾ ਖਿੱਚਣ ਦੀ ਬਜਾਏ ਇਸ ਦਾ ਫੈਸਲਾ ਇੱਕ ਪਾਸੇ ਦਾ ਹੋਣਾ ਚਾਹੀਦਾ ਹੈ।
‘ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਗੱਲ’
ਬਲਵੰਤ ਸਿੰਘ ਰਾਜੋਆਣਾ ਨੇ ਉਨ੍ਹਾਂ ਕੈਦੀਆਂ ਦੀ ਰਿਹਾਈ ਦਾ ਮੁੱਦਾ ਵੀ ਚੁੱਕਿਆ, ਜਿਨ੍ਹਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਮਾਮਲੇ ਵਿੱਚ ਵੀ ਫੈਸਲਾ ਲੈਣ ਦੀ ਗੱਲ ਕਹੀ। ਰਾਜੋਆਣਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਉਹ ਇਲਾਜ ਲਈ ਪੀਜੀਆਈ ਪਹੁੰਚੇ। ਹਸਪਤਾਲ ਵਿੱਚ ਉਨ੍ਹਾਂ ਦੇ ਇਲਾਜ ਸਬੰਧੀ ਵਿਸਥਾਰਤ ਮੈਡੀਕਲ ਜਾਣਕਾਰੀ ਜਾਂ ਕਿਸ ਬਿਮਾਰੀ ਲਈ ਉਹ ਇਲਾਜ ਕਰਵਾਉਣ ਪਹੁੰਚੇ, ਇਸ ਬਾਰੇ ਉਨ੍ਹਾਂ ਵੱਲੋਂ ਇਸ ਬਿਆਨ ਵਿੱਚ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ।
ਪੰਜਾਬ ਵਿੱਚ ਨਸ਼ੇ ਦੇ ਮੁੱਦੇ ’ਤੇ ਵੀ ਬੋਲੇ
ਪੀਜੀਆਈ ਪਹੁੰਚੇ ਬਲਵੰਤ ਸਿੰਘ ਰਾਜੋਆਣਾ ਨੇ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਬਹੁਤ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਪਾਰਟੀਆਂ ਨਸ਼ਾ ਖਤਮ ਕਰਨ ਦਾ ਦਾਅਵਾ ਕਰਦੀਆਂ ਹਨ, ਪਰ ਇਸ ਦੇ ਬਾਵਜੂਦ ਨਸ਼ੇ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਨਸ਼ੇ ਨੂੰ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ, ਪਰ ਜ਼ਮੀਨੀ ਪੱਧਰ ’ਤੇ ਇਸ ਦਾ ਹੱਲ ਨਜ਼ਰ ਨਹੀਂ ਆ ਰਿਹਾ। ਰਾਜੋਆਣਾ ਨੇ ਨਸ਼ੇ ਦੇ ਮੁੱਦੇ ਨੂੰ ਪੰਜਾਬ ਨਾਲ ਜੁੜੀ ਗੰਭੀਰ ਸਮੱਸਿਆ ਵਜੋਂ ਰੱਖਿਆ।
ਕੌਣ ਹੈ ਬਲਵੰਤ ਸਿੰਘ ਰਾਜੋਆਣਾ ?
ਬਲਵੰਤ ਸਿੰਘ ਰਾਜੋਆਣਾ ਦਾ ਜਨਮ ਪਿੰਡ ਰਾਜੋਆਣਾ ਕਲਾਂ ਦੇ ਵਿੱਚ 23 ਅਗਸਤ 1967 ਦੇ ਵਿੱਚ ਹੋਇਆ ਸੀ। ਬਲਵੰਤ ਸਿੰਘ ਰਾਜੋਆਣਾ ਪੰਜਾਬ ਪੁਲਿਸ ਵਿੱਚ ਸਿਪਾਹੀ ਰਹਿ ਚੁੱਕੇ ਹਨ। 1995 ਵਿੱਚ ਜਦੋਂ ਪੰਜਾਬ ਅੰਦਰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕਾਲਾ ਦੌਰ ਚੱਲ ਰਿਹਾ ਸੀ, ਉਸ ਵੇਲੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਾਰ ਨੂੰ ਬੰਬ ਧਮਾਕੇ ਦੇ ਵਿੱਚ ਉਡਾ ਦਿੱਤਾ ਗਿਆ ਸੀ, ਜਿਸ ਮਾਮਲੇ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਰਾਜੋਆਣਾ ਹੁਣ 30 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ।ਉਲੇਖਯੋਗ ਹੈ ਕਿ ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਮਨੁੱਖੀ ਅਧਿਕਾਰ ਅਤੇ ਸਿਆਸੀ ਜੱਥੇਬੰਦੀ ਨੇ ਵਿਰੋਧ ਕਰਨ ਤੋਂ ਬਾਅਦ ਇਸ ਨੂੰ ਅਣਮਿੱਥੇ ਸਮੇਂ ਦੇ ਲਈ ਟਾਲ ਦਿੱਤਾ। ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੀ ਅਰਜ਼ੀ ਕੇਂਦਰ ਸਰਕਾਰ ਦੇ ਕੋਲ ਹਾਲੇ ਵੀ ਵਿਚਾਰ ਅਧੀਨ ਹੈ, ਜਿਸ ਉਤੇ ਹਾਲੇ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ