ਮੱਲਾਂਵਾਲਾ ਵਿੱਚ ਸੜਕਾਂ ਤੇ ਨਾਲੀਆਂ ਦੇ ਬੁਰੇ ਹਾਲ — ਮੀਤਾ ਭਗਤ ਵਾਲੀ ਸੜਕ ‘ਤੇ ਪਾਣੀ ਦਾ ਰਾਜ, ਪ੍ਰਸ਼ਾਸਨ ਬੇਖ਼ਬਰ
( ਹਰਨੇਕ ਸਿੰਘ ਭੁੱਲਰ ) ਮੱਲਾਂਵਾਲਾ ਵਿੱਚ ਸੜਕਾਂ ਅਤੇ ਨਿਕਾਸੀ ਪ੍ਰਣਾਲੀ ਦੇ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ। ਖ਼ਾਸ ਕਰਕੇ ਮੀਤਾ ਭਗਤ ਵਾਲੀ ਸੜਕ ‘ਤੇ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣ ਗਈ ਹੈ। ਸੜਕ ‘ਤੇ ਹਰ ਵੇਲੇ ਪਾਣੀ ਭਰਿਆ ਰਹਿਣ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਵੱਧ ਗਿਆ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਾਲੀਆਂ ਦੀ ਸਫਾਈ ਸਮੇਂ ‘ਤੇ ਨਹੀਂ ਹੁੰਦੀ, ਜਿਸ ਕਾਰਨ ਪਾਣੀ ਸਿੱਧਾ ਸੜਕਾਂ ਅਤੇ ਗਲੀਆਂ ਵਿੱਚ ਆ ਜਾਂਦਾ ਹੈ। ਛੋਟੀਆਂ ਗਲੀਆਂ ਵਿੱਚ ਵੀ ਪਾਣੀ ਭਰਿਆ ਹੋਇਆ ਹੈ, ਜਿਸ ਨਾਲ ਬੱਚਿਆਂ, ਬਜ਼ੁਰਗਾਂ ਅਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਰਾਹਗੀਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੜਕ ਤੋਂ ਲੰਘਣਾ ਬਹੁਤ ਔਖਾ ਹੋ ਗਿਆ ਹੈ। ਪਾਣੀ ਖੜ੍ਹਾ ਹੋਣ ਕਰਕੇ ਕਈ ਵਾਰ ਪੈਦਲ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਵਾਹਨਾਂ ਨੂੰ ਵੀ ਨੁਕਸਾਨ ਦਾ ਖਤਰਾ ਬਣਿਆ ਰਹਿੰਦਾ ਹੈ।
ਸਥਾਨਕ ਨਿਵਾਸੀ ਜਸਵਿੰਦਰ ਕੌਰ ਨੇ ਕਿਹਾ ਕਿ ਗਲੀਆਂ ਵਿੱਚ ਪਾਣੀ ਭਰਿਆ ਰਹਿਣ ਕਾਰਨ ਘਰਾਂ ਦੇ ਬਾਹਰ ਗੰਦਗੀ ਫੈਲ ਰਹੀ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਆ ਰਹੀ ਹੈ ਅਤੇ ਮੱਛਰਾਂ ਦੀ ਸਮੱਸਿਆ ਵੀ ਵੱਧ ਰਹੀ ਹੈ।
ਦੁਕਾਨਦਾਰ ਰਾਜ ਕੁਮਾਰ ਨੇ ਦੱਸਿਆ ਕਿ ਸੜਕ ‘ਤੇ ਪਾਣੀ ਖੜ੍ਹਾ ਹੋਣ ਨਾਲ ਗਾਹਕ ਆਉਣ ਘੱਟ ਹੋ ਗਏ ਹਨ। ਲੋਕ ਗੰਦੇ ਪਾਣੀ ਕਰਕੇ ਇਸ ਪਾਸੇ ਆਉਣ ਤੋਂ ਕਤਰਾਉਂਦੇ ਹਨ, ਜਿਸ ਨਾਲ ਕਾਰੋਬਾਰ ‘ਤੇ ਮਾੜਾ ਅਸਰ ਪੈ ਰਿਹਾ ਹੈ।
ਇਸ ਮਾਮਲੇ ਸਬੰਧੀ ਜਦੋਂ ਈਓ ਨਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਛੁੱਟੀ ‘ਤੇ ਹਨ ਅਤੇ ਮਾਮਲੇ ਨੂੰ ਦੇਖ ਲਿਆ ਜਾਵੇਗਾ। ਪਰ ਲੋਕਾਂ ਦਾ ਕਹਿਣਾ ਹੈ ਕਿ ਸਮੱਸਿਆ ਲੰਮੇ ਸਮੇਂ ਤੋਂ ਚੱਲ ਰਹੀ ਹੈ ਅਤੇ ਹੁਣ ਤੁਰੰਤ ਕਾਰਵਾਈ ਦੀ ਲੋੜ ਹੈ।
ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੀਤਾ ਭਗਤ ਵਾਲੀ ਸੜਕ ਸਮੇਤ ਮੱਲਾਂਵਾਲਾ ਦੀਆਂ ਖਰਾਬ ਸੜਕਾਂ ਅਤੇ ਬੰਦ ਨਾਲੀਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਜੇ ਜਲਦੀ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।