ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਨੂੰ ਮਿਲੇਗੀ ਨਵੀਂ ਪਹਿਚਾਣ, ਸਾਈਨ ਬੋਰਡ ਅਤੇ ਨੇਮ ਪਲੇਟਾਂ ਹੁਣ ਮਾਂ ਬੋਲੀ ਵਿੱਚ ਵੀ ਲੱਗਣਗੀਆਂ
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਹੋਰ ਮਜ਼ਬੂਤੀ ਨਾਲ ਪ੍ਰਫੁੱਲਤ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਫ਼ੈਸਲਾ ਕੀਤਾ ਹੈ ਕਿ ਕੈਂਪਸ ਅੰਦਰ ਲੱਗਣ ਵਾਲੇ ਸਾਰੇ ਸਾਈਨ ਬੋਰਡ, ਦਿਸ਼ਾ-ਸੂਚਕ ਚਿੰਨ੍ਹ ਅਤੇ ਨੇਮ ਪਲੇਟਾਂ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧੀ ਵਾਈਸ ਚਾਂਸਲਰ ਰੇਨੂੰ ਵਿੱਗ ਵੱਲੋਂ ਅਧਿਕਾਰਕ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਇਹ ਕਾਰਵਾਈ ਉਪ ਰਾਸ਼ਟਰਪਤੀ ਦਫ਼ਤਰ ਤੋਂ ਪ੍ਰਾਪਤ ਪੱਤਰ ਦੇ ਆਧਾਰ ’ਤੇ ਕੀਤੀ ਗਈ ਹੈ ਅਤੇ ਸੰਬੰਧਤ ਨਿਰਦੇਸ਼ GeM ਪੋਰਟਲ ਰਾਹੀਂ ਜਾਰੀ ਕੀਤੇ ਗਏ ਹਨ।

ਇਹ ਫ਼ੈਸਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਵਿਦਿਆਰਥੀ ਸੰਗਠਨ “ਸਾਥ” ਨੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਲਗਾਏ ਗਏ ਨਵੇਂ ਸਾਈਨ ਬੋਰਡਾਂ ਅਤੇ ਨੇਮ ਪਲੇਟਾਂ ’ਤੇ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨ ਦਾ ਮੁੱਦਾ ਉਠਾਇਆ ਸੀ। ਇਨ੍ਹਾਂ ਬੋਰਡਾਂ ’ਤੇ ਜਾਣਕਾਰੀ ਹਿੰਦੀ, ਅੰਗਰੇਜ਼ੀ ਅਤੇ ਬ੍ਰੇਲ ਭਾਸ਼ਾ ਵਿੱਚ ਦਿੱਤੀ ਗਈ ਸੀ, ਪਰ ਪੰਜਾਬੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।

ਵਿਦਿਆਰਥੀਆਂ ਨੇ ਇਸ ਨੂੰ ਪੰਜਾਬ ਦੀ ਮਾਂ ਬੋਲੀ ਨਾਲ ਅਨਿਆਇ ਕਰਾਰ ਦਿੰਦਿਆਂ ਰੋਸ ਪ੍ਰਗਟਾਇਆ ਸੀ। ਵਿਰੋਧ ਦੌਰਾਨ ਕੁਝ ਥਾਵਾਂ ’ਤੇ ਸਾਈਨ ਬੋਰਡਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ। ਹੁਣ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਵੇਂ ਫ਼ੈਸਲੇ ਨਾਲ ਪੰਜਾਬੀ ਭਾਸ਼ਾ ਨੂੰ ਕੈਂਪਸ ਵਿੱਚ ਯੋਗ ਸਥਾਨ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਭਾਸ਼ਾ ਪ੍ਰੇਮੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਇਸਨੂੰ ਪੰਜਾਬੀ ਭਾਸ਼ਾ ਦੇ ਸਨਮਾਨ ਅਤੇ ਪ੍ਰਚਾਰ ਵੱਲ ਇੱਕ ਸਕਾਰਾਤਮਕ ਪਹਲ ਦੱਸਿਆ ਹੈ।