
ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ)
ਮੱਲਾਂਵਾਲਾ—ਕਸਬੇ ਵਿੱਚ ਸੜਕ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਲਗਾਤਾਰ ਵਧ ਰਹੀਆਂ ਹਨ। ਮੱਲਾਂਵਾਲਾ–ਫਿਰੋਜ਼ਪੁਰ–ਮੱਖੂ ਰੋਡ ’ਤੇ ਓਵਰਲੋਡ ਵਾਹਨਾਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਮੁੱਖ ਸੜਕ ਤੋਂ ਲੈ ਕੇ ਅੰਦਰੂਨੀ ਗਲੀਆਂ ਤੱਕ ਓਵਰਲੋਡ ਟਰੱਕ, ਛੋਟੇ ਹਾਥੀ ਅਤੇ ਮਾਲਵਾਹਕ ਵਾਹਨ ਬਿਨਾਂ ਕਿਸੇ ਰੋਕ-ਟੋਕ ਦੇ ਦੌੜਦੇ ਨਜ਼ਰ ਆ ਰਹੇ ਹਨ। ਇਸ ਕਾਰਨ ਨਾ ਸਿਰਫ਼ ਸੜਕ ਹਾਦਸਿਆਂ ਦਾ ਖਤਰਾ ਵਧ ਰਿਹਾ ਹੈ, ਸਗੋਂ ਆਮ ਲੋਕਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਮੁੱਖ ਬਾਜ਼ਾਰ ਵਿੱਚੋਂ ਲੰਘਦੀ ਸੜਕ ’ਤੇ ਇੱਕ ਬਹੁਤ ਜ਼ਿਆਦਾ ਓਵਰਲੋਡ ਟਰੱਕ ਲੋਕਾਂ ਦੀ ਧਿਆਨ ਕੇਂਦਰ ਬਣਿਆ ਰਿਹਾ। ਟਰੱਕ ’ਤੇ ਲੱਦਾ ਸਮਾਨ ਵਾਹਨ ਦੀ ਸਮਰੱਥਾ ਤੋਂ ਕਈ ਗੁਣਾ ਵੱਧ ਸੀ ਅਤੇ ਬਾਹਰ ਵੱਲ ਨਿਕਲਿਆ ਹੋਇਆ ਮਾਲ ਸੜਕ ਨੂੰ ਤੰਗ ਕਰ ਰਿਹਾ ਸੀ। ਇਸ ਕਾਰਨ ਦੋਹਾਂ ਪਾਸਿਆਂ ਤੋਂ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਾਹਗੀਰਾਂ ਦਾ ਕਹਿਣਾ ਹੈ ਕਿ ਅਚਾਨਕ ਬ੍ਰੇਕ ਲੱਗਣ ਦੀ ਸਥਿਤੀ ਵਿੱਚ ਐਸੇ ਵਾਹਨ ਅਸਾਨੀ ਨਾਲ ਬੇਕਾਬੂ ਹੋ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਇਸੇ ਤਰ੍ਹਾਂ ਅੰਦਰੂਨੀ ਸੜਕ ’ਤੇ ਇੱਕ ਛੋਟਾ ਹਾਥੀ (ਮਾਲਵਾਹਕ ਵਾਹਨ) ਬੋਰੀਆਂ ਅਤੇ ਸਮਾਨ ਨਾਲ ਬੁਰੀ ਤਰ੍ਹਾਂ ਭਰਿਆ ਹੋਇਆ ਮਿਲਿਆ। ਕੱਚੀ ਅਤੇ ਟੁੱਟੀ ਹੋਈ ਸੜਕ ਹੋਣ ਦੇ ਬਾਵਜੂਦ ਵਾਹਨ ਨੂੰ ਤੇਜ਼ ਰਫ਼ਤਾਰ ਨਾਲ ਚਲਾਇਆ ਜਾ ਰਿਹਾ ਸੀ, ਜਿਸ ਨਾਲ ਉਸ ਦੇ ਪਲਟਣ ਦਾ ਖਤਰਾ ਬਣਿਆ ਹੋਇਆ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਕਈ ਡਰਾਈਵਰ ਟਰੱਕਾਂ ’ਤੇ ਬੋਰੀਆਂ ਜਾਂ ਕਬਾੜ ਇੰਨਾ ਉੱਚਾ ਭਰ ਲੈਂਦੇ ਹਨ ਕਿ ਗਲੀਆਂ ਵਿੱਚ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਵੀ ਟੁੱਟ ਜਾਂਦੀਆਂ ਹਨ। ਇਸ ਨਾਲ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਅਤੇ ਹਾਦਸਿਆਂ ਦਾ ਜੋਖਮ ਹੋਰ ਵਧ ਜਾਂਦਾ ਹੈ।
ਇੱਕ ਹੋਰ ਥਾਂ ਸੜਕ ਕਿਨਾਰੇ ਖੜ੍ਹੇ ਭਾਰੀ ਟਰੱਕ ਵੀ ਟ੍ਰੈਫਿਕ ਵਿੱਚ ਰੁਕਾਵਟ ਬਣੇ ਨਜ਼ਰ ਆਏ। ਰਾਹਗੀਰਾਂ ਨੇ ਦੱਸਿਆ ਕਿ ਓਵਰਲੋਡਿੰਗ ਕਾਰਨ ਵਾਹਨਾਂ ਦੇ ਐਕਸਲ ਟੁੱਟਣ, ਬ੍ਰੇਕ ਫੇਲ ਹੋਣ ਅਤੇ ਕੰਟਰੋਲ ਖੋ ਬੈਠਣ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋ ਰਿਹਾ ਹੈ, ਪਰ ਸੰਬੰਧਿਤ ਵਿਭਾਗ ਵੱਲੋਂ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਰਾਹਗੀਰ ਤਿਲਕ ਸਿੰਘ ਰਾਏ ਨੇ ਦੱਸਿਆ ਕਿ ਮੱਲਾਂਵਾਲਾ–ਫਿਰੋਜ਼ਪੁਰ–ਮੱਖੂ ਰੋਡ ’ਤੇ ਹਰ ਰੋਜ਼ ਓਵਰਲੋਡ ਵਾਹਨ ਦੌੜਦੇ ਦਿਖਾਈ ਦਿੰਦੇ ਹਨ। ਕਈ ਵਾਰ ਛੋਟੇ ਹਾਥੀਆਂ ’ਤੇ ਇੰਨੀ ਬੋਰੀਆਂ ਲੱਦ ਦਿੱਤੀਆਂ ਜਾਂਦੀਆਂ ਹਨ ਕਿ ਬਿਜਲੀ ਦੀਆਂ ਤਾਰਾਂ ਟੁੱਟ ਜਾਂਦੀਆਂ ਹਨ ਅਤੇ ਵਾਹਨ ਬੇਕਾਬੂ ਹੋ ਕੇ ਲੋਕਾਂ ਨੂੰ ਟੱਕਰ ਮਾਰਦੇ-ਮਾਰਦੇ ਬਚਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਕਿਸੇ ਵੱਡੇ ਹਾਦਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਓਵਰਲੋਡ ਵਾਹਨਾਂ ’ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਨਿਯਮਤ ਤੌਰ ’ਤੇ ਚੈਕਿੰਗ ਮੁਹਿੰਮ ਚਲਾਈ ਜਾਵੇ। ਲੋਕਾਂ ਨੇ ਉਮੀਦ ਜਤਾਈ ਹੈ ਕਿ ਪ੍ਰਸ਼ਾਸਨ ਜਲਦ ਕਦਮ ਚੁੱਕ ਕੇ ਮੱਲਾਂਵਾਲਾ ਖੇਤਰ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਠੋਸ ਕਾਰਵਾਈ ਕਰੇਗਾ।